ਦੋ ਸ਼ਬਦ ਲੇਖਕ ਵੱਲੋ
ਵਿਹੜਿਆਂ ਦੀ ਜੂਨ ਬਾਰੇ ਕਹਾਣੀਆਂ ਮੈਂ ਨਿੱਠ ਕੇ ਲਿਖੀਆਂ ਹਨ ਤੇ ਲਿਖੀਆਂ ਵੀ ਜੀਅ-ਜਾਨ ਨਾਲ ਨੇ | ਵਿਹੜਿਆਂ ਦਾ ਜੰਮਪਲ ਹੋਣ ਕਰਕੇ ਵਿਹੜਿਆਂ ਦੀਆਂ ਤੰਗ ਤੇ ਗੰਦੀਆਂ ਗਲੀਆਂ ਦਾ ਯਥਾਰਥ ਤਨ ‘ਤੇ ਹੰਢਾਇਆ ਹੋਣ ਕਰਕੇ ਉਸਦੀ ਪੀੜਾ ਤੇ ਸੰਤਾਪ ਮੈਂ ਵਧੇਰੇ ਮਹਿਸੂਸ ਕਰ ਸਕਦਾ ਹਾਂ | ਕਿਸੇ ਹਾਦਸੇ ਦੇ ਸ਼ਿਕਾਰ ਹੋਏ ਵਿਅਕਤੀ ਨੂੰ ਵੱਜੀਆਂ ਸੱਟਾਂ ਦੀ ਪੀੜ ਵਿਚਲੀ ਸ਼ਿੱਦਤ ਦਾ ਵਧੇਰੇ ਅਨੁਭਵ ਹੁੰਦਾ ਹੈ | ਕੋਈ ਰਾਹ ਗੁਜ਼ਰ ਪੀੜਤ ਮਨੁੱਖ ਦੇ ਚਿਹਰੇ ਦੇ ਹਾਵ-ਭਾਵ ਅਤੇ ਅੰਗਾਂ ਦੀ ਹਿਲਜੁਲ ਵੇਖ ਕੇ ਵੀ ਪੀੜ ਦਾ ਅਨੁਭਵ ਕਰ ਸਕਦਾ ਹੈ ਪਰ ਇਹ ਅਨੁਭਵ ਪੀੜਤ ਵਿਅਕਤੀ ਦੇ ਅਨੁਭਵ ਨਾਲੋਂ ਵੱਖਰੀ ਕਿਸਮ ਦਾ ਸਤਹੀ ਪੱਧਰ ਦਾ ਹੋਵੇਗਾ ਭਾਵੇਂ ਕਿ ਦਰਸ਼ਕ ਵਿਅਕਤੀ ਦੇ ਅਨੁਭਵ ਦੀ ਇਮਾਨਦਾਰੀ ‘ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ | ਜਦੋਂ ਲੇਖਕਾਂ ਨੂੰ ਇਹ ਕਹਿੰਦੇ ਸੁਣੀਂਦਾ ਹੈ ਕਿ ਜ਼ਰੂਰੀ ਨਹੀਂ ਦਲਿਤ ਪੀੜਾ ਨੂੰ ਦਲਿਤ ਹੀ ਵਧੇਰੇ ਸ਼ਿੱਦਤ ਤੇ ਪੁਖਤਗੀ ਨਾਲ ਬਿਆਨ ਕਰ ਸਕਦਾ ਹੈ ਤਾਂ ਇਸ ਵਿਚ ਉਨ੍ਹਾਂ ਦੀ ਇੱਕ ਪਾਸੜ ਪਹੁੰਚ ਜਾਂ ਹਊਮੈ ਜਾਂ ਕਿਸੇ ਪੁਖਤਾ ਲੇਖਕ ਬਾਰੇ ਈਰਖਾ ਦਾ ਦਖ਼ਲ ਹੁੰਦਾ ਹੈ |
‘ਅਦਨਾ ਇਨਸਾਨ’ ਸ਼ਾਮ ਲਾਲ ਦੇ ਯਥਾਰਥ ਨੂੰ ਮੈਂ ਵੀ ਅਨੁਭਵ ਕਰ ਸਕਦਾ ਸਾਂ, ਕਿਉਂਕਿ ਸ਼ਾਮ ਲਾਲ ਦੀ ਉਸਾਰੀ ਮੇਰੇ ‘ਚੋਂ ਹੀ ਹੋਈ ਸੀ | ਭਾਂਡਿਆਂ ਦੀ ਭਿੱਟ ਬਾਰੇ ਜੋ ਮਾਨਸਿਕ ਪੀੜਾ ਮੈਂ ਝੱਲੀ ਉਸਦਾ ਉਲੇਖ ਇਕ ਬ੍ਰਾਹਮਣ ਨਹੀਂ ਕਰ ਸਕਦਾ | ਜਦੋਂ ਗੁਰਦੁਆਰੇ ਦੇ ਭਾਈ ਨੇ ਮੈਨੂੰ ਮੰਜੇ ਤੋਂ ਉਠਣ ਲਈ ਕਿਹਾ ਤਾਂ ਕਿਵੇਂ ਵਿਚਕਾਰੋਂ ਕੱਟੇ ਸੱਪ ਵਾਂਗ ਮੈਂ ਤੜਫਿਆ, ਇੱਕ ਜੱਟ ਨਹੀਂ ਤੜਫ ਸਕਦਾ | ਇਸ ਪੀੜ ਨਾਲ ਜੱਟ ਲੇਖਕ ਦੀ ਹਮਦਰਦੀ ਹੋ ਸਕਦੀ ਹੈ, ਉਸ ਅੰਦਰ ਇਸ ਪੀੜ ਨੂੰ ਹਰਨ ਦੀ ਲੋਚਾ ਅਤੇ ਕਾਮਨਾ ਹੋ ਸਕਦੀ ਹੈ, ਪਰ ਪੇਸ਼ਕਾਰੀ ਕੇਵਲ ਤੇ ਕੇਵਲ ਮੈਂ ਹੀ ਕਰ ਸਕਦਾ ਸਾਂ | ‘ਆਪਣੇ ਪਰਾਏ’ ਕਹਾਣੀ ਦੇ ਗਿਆਨੀ ਬਖਸ਼ੀਸ਼ ਵਾਲਾ ਦਰਦ ਜੱਟਾਂ ਜਾਂ ਬ੍ਰਾਹਮਣਾਂ ਦੇ ਘਰਾਂ ਵਿਚ ਜੰਮਿਆ ਵਿਅਕਤੀ ਕਿਵੇਂ ਅਨੁਭਵ ਕਰ ਸਕਦਾ ਹੈ | ਗੱਲ ਇਹ ਵੀ ਨਹੀਂ ਕਿ ਗੈਰ ਦਲਿਤ, ਦਲਿਤ ਯਥਾਰਥ ਬਾਰੇ ਕਹਾਣੀ ਲਿਖ ਹੀ ਨਹੀਂ ਸਕਦਾ |